..
ਦਿਉ ਜਵਾਬ!
ਜੂਨ ਕਵਿਤਾ/ਸੁਰਜੀਤ ਕਲਸੀ
.
ਨੀ ਕੁੜੀਓ ਤੁਸੀਂ ਦਿਨ ਨਹੀਂ ਦੇਖਦੀਆਂ ਸੁੱਧ ਨਹੀਂ ਦੇਖਦੀਆਂ
ਤੁਰ ਪੈਂਦੀਆਂ ਹੋ ਫਿਰ ਖਰਚ ਹੋਣ ਲਈ ਫਿਰ ਜ਼ਲੀਲ ਹੋਣ ਲਈ
ਹਰ ਵੇਲੇ ਅੱਖਾਂ ‘ਚ ਨੂਰ ਭਰ, ਗੁਰੂ ਦੇ ਬੋਲਾਂ ਦਾ ਹੁੰਗਾਰਾ ਬਣ
ਭਰੇ ਹੋਏ ਡੰਗ ਲੈ, ਸੀਸ ਤਲੀ ਤੇ ਹਰ ਵਾਰ ਧਰ
ਧਰਮ ਦੇ ਵਪਾਰ ਦੁਅਾਰਿਆਂ ਤੇ ਪਹੁੰਚ ਜਾਂਦੀਆਂ ਹੋ
ਸਦੀਆਂ ਤੋਂ ਰਚੇ ਜਾਂਦੇ ਪਰਪੰਚ ਸ਼ਬਦਾਂ ਦੇ ਖ਼ਿਲਾਫ਼
ੳੁਚੀ ਸੁਰ ਵਿਚ ਫੇਰ ਬੋਲ ਜਾਂਦੀਆਂ ਹੋ
ਯੁਗਾਂ ਯੁਗਾਂਤਰਾਂ ਤੋਂ ਨੀਵੀਆਂ ਨਿਵਾਜੀਆਂ
ਬੇਜ਼ਬਾਨ ਔਰਤਾਂ ਦੀ ਜ਼ਬਾਨ ਬਣ ਜਾਂਦੀ ਆਂ ਹੋ!
ਆਪਣੇ ਜੋਸ਼ੋ-ਖ਼ਰੋਸ਼ ਨੂੰ ਸੰਘਰਸ਼ ਕਰਨ ਦੀਆਂ ਮਾਰੀਆਂ
ਫਿਰ ਕੁਪੱਤੀਆਂ ਲੜਾਕੀਆਂ ਦੇ ਖ਼ਿਤਾਬਾਂ ਨਾਲ
ਤੇ ਅਧਰਮੀ ਕੋੜੇ ਕੋਝੇ ਬੋਲਾਂ ਨਾਲ ਦੁੱਤਕਾਰੀਆਂ ਜਾਂਦੀਆਂ ਹੋ!
ਪ੍ਰਣ ਕਰ ਹਯਾਤੀ ਨਾਲ ਜ਼ੁਲਮ ਸਹਿਣ ਤੋਂ ਇਨਕਾਰ ਕਰ
ਹਰ ਸਜ਼ਾ ਭੁਗਤਣ ਲਈ ਤਿਆਰ ਹੋ ਜਾਂਦੀਆਂ ਹੋ
ਸੀਸ ਤਲੀ ਤੇ ਧਰ ਸਾਰੇ ਜ਼ਹਿਰੀ ਤੀਰਾਂ ਦੇ ਵਾਰ ਜਰ
ਮੁੜ ਮੁੜ ਪੀੜ੍ਹੀ-ਦਰ-ਪੀੜ੍ਹੀ ਆਪਣਾ ਯੁਧ ਲੜਦੀਆਂ
ਸਿਰਾਂ ਦੀ ਦੇਣ ਬਲੀ ਪਿਆਰਿਆਂ ਦੀ ਕਤਾਰ ਵਿਚ ਖੜ ਕੇ
ਅਸੀਂ ਤਾਂ ਪੁੱਛਣਾ ਹੈ ਕਿਹੜੇ ਗੁਰੂ ਦੀ ਬਾਣੀ ਨੇ
ਗਰਦਾਨਿਆ ਹੈ ਅੱਪਵਿਤੱਰ ਔਰਤ ਨੂੰ ?
“ਗਾਟਾ ਲਾਹ ਦਿਓ” ਚਾਹੇ ਪੁਲਸ ਦਾ ਛਾਪਾ ਮਰਵਾ ਦਿਓ
ਅਸੀਂ ਤਾਂ ਪੁੱਛਣਾ ਹੈ ਕਿਹੜੇ ਗੁਰੂ ਦੀ ਬਾਣੀ
ਤਾਬਿਆ ਤੇ ਬੈਠਣੋ ਰੋਕਦੀ ਹੈ ਔਰਤ ਨੂੰ ?
ਕਿਹੜਾ ਖ਼ੂਨ ਹੈ ਅੱਪਵਿਤੱਰ?
ਦਰਬਾਰ ਸਾਹਿਬ ਦੀ ਪਰਿਕਰਮਾਂ ਵਿਚ
ਸਿਆਸਤ ਤੇ ਧਰਮ ਦੀ ਜੰਗ ਨਾਲ ਡੋਲ੍ਹਿਆ ਖ਼ੂਨ
ਕਾਰ ਸੇਵਾ ਕਰਦੇ ਮਜ਼ਦੁਰ ਦੀ ਫੁੱਟੀ ਨਕਸੀਰ ਦਾ
ਮਹਾਂਵਾਰੀ ਜਾਂ ਤਾਬਿਆ ਤੇ ਬੈਠੇ ਗ੍ਰੰਥੀ ਦੀ ਬਵਾਸੀਰ ਦਾ?
ਐ ਧਰਮ ਦੇ ਅੱਧਪੜ੍ਹ ਠੇਕੇਦਾਰੋ ਤੇ ਕੱਚ-ਘਰੜ ਕਥਾਕਾਰੋ!
ਗਿਆਨ ਅਗਿਆਨ ਦਾ ਧਿਆਨ ਦਰ ਕੇ ਦਿਓ ਜਵਾਬ!
ਹਰ ਪ੍ਰਾਣੀ ਦਾ ਜਿਸਮ ਜਿਸ ਖ਼ੂਨ ਵਿਚ ਨਿੰਮਦਾ, ਪਲਦਾ ਤੇ ਜਨਮ ਲੈਂਦਾ
ਉਸ ਜੀਵਨਦਾਤਾ ਖ਼ੂਨ ਦੀ ਪਵਿੱਤਰਤਾ ਦਾ ਧਿਆਨ ਧਰ ਕੇ
ਦਿਓ ਜਵਾਬ!
ਜਵਾਬ ਦਿਓ, ਆਪਣੀ ਮਾਈ ਜਨਮਦਾਤੀ ਨੂੰ ਦਿਓ ਜਵਾਬ!
ਸੂਰਜ, ਧਰਤੀ, ਸਾਗ਼ਰ, ਹਵਾ ਤੇ ਕੁਲ ਕਾਇਨਾਤ ਵਿਚ ਫੈਲੀ
ਪਵਿਤੱਰ ਖ਼ੁਸ਼ਬੂ ਜਣਨੀ ਨੂੰ ਦਿਓ ਜਵਾਬ!
—-
..
Like this:
Like Loading...